ਯੂਨੀਵਰਸਿਟੀ ਬਾਰੇ

ਗੁਰੂ ਨਾਨਕ ਦੇਵ ਯੂਨੀਵਰਸਿਟੀ 24 ਨਵੰਬਰ, 1969 ਨੂੰ ਗੁਰੂ ਨਾਨਕ ਦੇਵ ਜੀ ਦੀ 500 ਵੇਂ ਜਨਮ ਦਿਹਾੜੇ ਦੇ ਮੌਕੇ ਉੱਤੇ ਸਥਾਪਿਤ ਕੀਤੀ ਗਈ ਸੀ। ਇਹ ਇਕ ਰਿਹਾਇਸ਼ੀ ਅਤੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਐਕਟ 1969 ਦੇ ਉਦੇਸ਼ਾਂ ਵਿਚ ਵਿਸ਼ੇਸ਼ ਤੌਰ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਯੂਨੀਵਰਸਿਟੀ ਦੇ ਭਵਿੱਖ ਦੇ ਕੋਰਸਾਂ ਦੇ ਨਿਰਧਾਰਣ ਵਿਚ ਹਿਊਮੈਨੇਟੀਜ਼, ਸਿੱਖਿਅਤ ਪੇਸ਼ੇ, ਵਿਗਿਆਨ (ਵਿਸ਼ੇਸ਼ ਤੌਰ ਉੱਤੇ ਵਿਹਾਰਕ ਪ੍ਰਕਿਰਤੀ ਦੇ), ਤਕਨਾਲੋਜੀ ਦੀ ਸਿੱਖਿਆ ਅਤੇ ਖੋਜ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਯੂਨੀਵਰਸਿਟੀ ਆਪਣੇ ਵੱਖ-ਵੱਖ ਕੈਂਪਸਾਂ ਅਤੇ ਕਾਂਸਟੀਚਿਊਟ ਕਾਲਜਾਂ ਵਿਚ ਵਿਭਿੰਨ ਫ਼ੈਕਲਟੀਆਂ ਅਧੀਨ 20 ਹਜ਼ਾਰ ਵਿਦਿਆਰਥੀਆਂ ਨੂੰ ਸਫ਼ਲਤਾਪੂਰਵਕ ਸਿੱਖਿਆ ਪ੍ਰਦਾਨ ਕਰ ਰਹੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਖੇਤਰ ਦੀ ਪਹਿਲੀ ਯੂਨੀਵਰਸਿਟੀ ਹੈ ਜਿਸਨੇ ਆਪਣੇ ਕੋਰਸਾਂ ਲਈ ਆਨਲਾਈਨ ਕਾਊਂਸਲਿੰਗ ਅਤੇ ਕਰੈਡਿਟ ਬੇਸਡ ਮੁਲਾਂਕਣ ਪ੍ਰਬੰਧ ਦੀ ਸ਼ੁਰੂਆਤ ਕੀਤੀ ਹੈ। ਸਾਰੇ ਨਤੀਜਿਆਂ ਦਾ ਕੰਪਿਊਟਰੀਕਰਨ ਕੀਤਾ ਗਿਆ ਹੈ ਅਤੇ ਹੋਰ ਕੁਸ਼ਲਤਾ, ਪਾਰਦਰਸ਼ਤਾ ਲਿਆਉਣ ਲਈ ਓ.ਐੱਮ.ਆਰ. (ਆਪਟੀਕਲ ਮੈਗਨੈਟਿਕ ਰਿਕਗਨੀਸ਼ਨ) ਸਿਸਟਮ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਖੇਤਰ ਵਿਚ ਵੀ ਇਹ ਪਹਿਲੀ ਯੂਨੀਵਰਸਿਟੀ ਹੈ ਜਿਸਨੇ ਆਪਣੇ ਪ੍ਰੀਖਿਆ ਪ੍ਰਬੰਧ ਦਾ ਕੰਪਿਊਟਰੀਕਰਨ ਕੀਤਾ ਹੈ। ਵਿਦਿਆਰਥੀ ਹੁਣ ਐੱਸ.ਐੱਮ.ਐੱਸ ਸੇਵਾ ਰਾਹੀਂ ਆਪਣੇ ਨਤੀਜਿਆਂ ਨੂੰ ਵੇਖ ਸਕਦੇ ਹਨ ।

‘ਇੰਡੀਆ ਟੂਡੇ’ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਮੁਤਾਬਕ, ਦੇਸ਼ ਦੀਆਂ ਚੋਟੀ ਦੀਆਂ 50 ਯੂਨੀਵਰਸਿਟੀਆਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ 16 ਵੇਂ ਸਥਾਨ ਉੱਤੇ ਪਹੁੰਚ ਗਈ ਹੈ ਅਤੇ ਵਿਗਿਆਨ ਦੀਆਂ ਪ੍ਰਕਾਸ਼ਨਾਵਾਂ ਵਿਚ ਇਸਨੇ 500 ਯੂਨੀਵਰਸਿਟੀਆਂ ਵਿਚੋਂ ਗਿਆਰਵਾਂ ਸਥਾਨ ਪ੍ਰਾਪਤ ਕੀਤਾ ਹੈ। ਯੂਨੀਵਰਸਿਟੀ ਨੇ ਦੇਸ਼ ਦੇ ਸਰਵਉੱਚ ਖੇਡ ਪੁਰਸਕਾਰ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ ਨੂੰ 21ਵੀਂ ਵਾਰ ਜਿੱਤਣ ਦਾ ਰਿਕਾਰਡ ਕਾਇਮ ਕੀਤਾ ਹੈ। ਸਾਲ 2012 ਵਿਚ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਵਿਚ ਕੌਮੀ ਚੈਂਪੀਅਨਸ਼ਿਪ ਜਿੱਤੀ ਹੈ। ਯੂਨੀਵਰਸਿਟੀ 8 ਵਾਰ ਨੈਸ਼ਨਲ ਚੈਂਪੀਅਨ ਰਹਿ ਚੁੱਕੀ ਹੈ। ਯੂਨੀਵਰਸਿਟੀ ਨੇ ਇਸ ਸਾਲ ਨੌਰਥ ਜ਼ੋਨ ਯੂਨੀਵਰਸਿਟੀ ਸਭਿਆਚਾਰਕ ਟਰਾਫ਼ੀ ਵੀ 12 ਵੀਂ ਵਾਰ ਜਿੱਤੀ ਹੈ।

ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਅਧਿਐਨ ਤੇ ਖੋਜ ਤੋਂ ਇਲਾਵਾ, ਪੰਜਾਬੀ ਭਾਸ਼ਾ ਦੇ ਪ੍ਰਚਾਰ ਦੀ ਦਿਸ਼ਾ ਵਿਚ ਕੰਮ ਕਰਨਾ ਅਤੇ ਵਿੱਦਿਅਕ ਤੌਰ ਉੱਤੇ ਪਛੜੇ ਵਰਗਾਂ ਵਿਚ ਸਿੱਖਿਆ ਦਾ ਪ੍ਰਸਾਰ ਕਰਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਹੋਰ ਪ੍ਰਤਿਬੱਧਤਾ ਹੈ। ਇਹਨਾਂ ਉਮੀਦਾਂ ਦੇ ਮੁਤਾਬਕ ਯੂਨੀਵਰਸਿਟੀ ਨੇ 43 ਸਾਲਾਂ ਦੇ ਮਹੱਤਵਪੂਰਨ ਇਤਿਹਾਸ ਵਿਚ ਗੁਰੂ ਜੀ ਦੇ ਸੰਦੇਸ਼ ਨੂੰ ਫੈਲਾਉਣ ਅਤੇ ਵਿਗਿਆਨ, ਆਰਟਸ, ਮੈਨੇਜਮੈਂਟ, ਸੂਚਨਾ ਤਕਨਾਲੋਜੀ, ਵਾਤਾਵਰਨ, ਯੋਜਨਾ ਅਤੇ ਆਰਕੀਟੈਕਚਰ ਵਰਗੇ ਖੇਤਰਾਂ ਵਿਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਿਚ ਲੰਮਾ ਸਫ਼ਰ ਤੈਅ ਕੀਤਾ ਹੈ।

ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਲਈ, ਗੁਰੂ ਨਾਨਕ ਅਧਿਐਨ ਅਤੇ ਪੰਜਾਬੀ ਅਧਿਐਨ ਸਕੂਲ ਵਿਭਾਗਾਂ ਦੇ ਵਿਦਿਆਰਥੀਆਂ ਕੋਲੋਂ ਲਈ ਜਾਣ ਵਾਲੀ ਟਿਊਸ਼ਨ ਫੀਸ ਮੁਆਫ਼ ਕਰ ਦਿੱਤੀ ਗਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਵਾਤਾਵਰਣ ਵਿਗਿਆਨ ਅਤੇ ਤੁਲਨਾਤਮਕ ਸਾਹਿਤ ਵਿਚ ਅਡਵਾਂਸ ਅਧਿਐਨ ਕੇਂਦਰ ਸਥਾਪਿਤ ਕਰਨ ਦੇ ਲਈ ਯੂ.ਜੀ.ਸੀ.(UGC), ਨਵੀਂ ਦਿੱਲੀ ਵੱਲੋਂ ਉੱਤਮਤਾ ਲਈ ਸਮਰੱਥ ਯੂਨੀਵਰਸਿਟੀ (University with Potential For Excellence) ਘੋਸ਼ਿਤ ਕੀਤਾ ਗਿਆ ਹੈ। ਯੂਨੀਵਰਸਿਟੀ ਨੂੰ ‘ਏ’ ਗਰੇਡ ਦੇ ਨਾਲ 4 ਵਿਚੋਂ 3.5 ਦੇ ਸੀ.ਜੀ.ਪੀ.ਏ. (CGPA) ਨਾਲ ਮਾਨਤਾ ਪ੍ਰਾਪਤ ਹੈ ਜੋ ਕਿ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ ਦੁਆਰਾ ਕਿਸੇ ਵੀ ਯੂਨੀਵਰਸਿਟੀ ਲਈ ਸਭ ਤੋਂ ਉੱਚਾ ਸਥਾਨ ਹੈ। ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਨੂੰ ਐੱਨ.ਏ.ਏ.ਸੀ. (NAAC) ਬੈਂਗਲੂਰੂ ਦੁਆਰਾ 12 ਵੇਂ ਸਥਾਨ ਉੱਤੇ ਰੱਖਿਆ ਗਿਆ ਹੈ।

ਯੂਨੀਵਰਸਿਟੀ ਦੇ ਚਿੰਨ੍ਹ ਉੱਤੇ ਉਕਰਿਆ ‘ਗੁਰੂ ਗਿਆਨ ਦੀਪਕ ਉਜਿਆਰੀਆ’ ਵਾਕ ਉਸ ਦ੍ਰਿਸ਼ਟੀ ਅਤੇ ਆਦਰਸ਼ ਨੂੰ ਪ੍ਰਗਟਾਉਂਦਾ ਹੈ ਜਿਸ ਉੱਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਇਮ ਹੈ। ਸ਼ਹਿਰ ਦੇ ਪੱਛਮ ਵੱਲ 500 ਏਕੜ ਦੇ ਵਿਸਥਾਰ ਵਿਚ ਫੈਲੀ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਧੁਨਿਕ ਆਰਕੀਟੈਕਚਰ ਦੀ ਤਸਵੀਰ ਪੇਸ਼ ਕਰਦੀ ਹੈ। ਖ਼ਾਲਸਾ ਕਾਲਜ ਦੇ ਕੰਪਲੈਕਸ ਵਿਚੋਂ ਨਿਮਰ ਸ਼ੁਰੂਆਤ ਕਰਦੇ ਹੋਏ ਯੂਨੀਵਰਸਿਟੀ ਨੂੰ ਅੱਜ ਆਪਣੇ ਕੈਂਪਸ ਵਿਖੇ 35 ਅਕਾਦਮਿਕ ਵਿਭਾਗ, 148 ਮਾਨਤਾ ਪ੍ਰਾਪਤ ਕਾਲਜ ਅਤੇ 71 ਐਸੋਸੀਏਟ ਸੰਸਥਾਵਾਂ ਜੋ ਜ਼ਿਆਦਾਤਰ ਪੇਂਡੂ ਖੇਤਰਾਂ ਵਿਚ ਸਥਿਤ ਹਨ, ਨੂੰ ਚਲਾਉਣ ਦਾ ਮਾਨ ਹਾਸਿਲ ਹੈ। ਯੂਨੀਵਰਸਿਟੀ ਦੀ ਕੋਸ਼ਿਸ਼ ਰਹੀ ਹੈ ਕਿ ਪੇਂਡੂ ਜਨਤਾ ਤੱਕ ਇਸਦੀ ਪਹੁੰਚ ਹੋਵੇ। ਪੰਜਾਬ ਸਰਕਾਰ/ਯੂ.ਜੀ.ਸੀ. ਦੀ ਯੋਜਨਾ ਅਧੀਨ ਪੇਂਡੂ ਇਲਾਕਿਆਂ ਚੁੰਘ, ਮਿੱਠੜਾ, ਵੇਰਕਾ, ਨਰੋਟ ਜੈਮਲ ਸਿੰਘ ਅਤੇ ਪੱਟੀ ਵਿਚ ਪੇਂਡੂ ਕਾਲਜ ਡੇਢ ਕਰੋੜ ਦੀ ਲਾਗਤ (ਹਰ ਇਕ ਕਾਲਜ ਲਈ ਵੱਖ-ਵੱਖ) ਨਾਲ ਸ਼ੁਰੂ ਕੀਤੇ ਗਏ ਹਨ। ਇਸਦੇ ਨਾਲ ਹੀ ਦੋ ਰਿਜਨਲ ਕੈਂਪਸ – ਇਕ ਸਠਿਆਲਾ ਵਿਖੇ (ਨੌ ਕਰੋੜ ਦੀ ਲਾਗਤ ਨਾਲ ਅਤੇ ਹੋਸਟਲ ਲਈ ਪੰਜ ਕਰੋੜ) ਅਤੇ ਦੂਸਰਾ ਜਿਲ੍ਹਾ ਕਪੂਰਥਲਾ ਵਿਚ ਫੱਤੂ ਢਿੰਗਾ (ਸੁਲਤਾਨਪੁਰ ਲੋਧੀ ਵਿਖੇ)। ਯੂਨੀਵਰਸਿਟੀ ਦੇ ਕਾਂਸਟੀਚਿਊਟ ਕਾਲਜ ਸ਼ਹੀਦ ਰਾਮ ਸਿੰਘ ਪਠਾਨੀਆਂ ਮੈਮੋਰੀਅਲ ਕਾਲਜ ਨਿਆੜੀ ਵਿਚ ਨਵੇਂ ਪ੍ਰੋਫ਼ੈਸ਼ਨਲ ਕੋਰਸ ਸ਼ੁਰੂ ਕੀਤੇ ਗਏ।

ਯੂਨੀਵਰਸਿਟੀ ਮੁਕਾਬਲਤਨ ਬਹੁਤ ਘੱਟ ਸਮੇਂ ਵਿਚ ਦੇਸ਼ ਵਿਚ ਆਪਣਾ ਇਕ ਵਿਸ਼ੇਸ਼ ਸਥਾਨ ਬਣਾਉਣ ਵਿਚ ਕਾਮਯਾਬ ਰਹੀ ਹੈ। ਇਹ ਸਾਡੀ ਸਮਰੱਥਾ ਦਾ ਪ੍ਰਗਟਾਵਾ ਸੀ ਕਿ ਸਾਨੂੰ ਭਾਰਤੀ ਯੂਨੀਵਰਸਿਟੀ ਐਸੋਸੀਏਸ਼ਨ (AIU), ਨਵੀਂ ਦਿੱਲੀ ਅਤੇ ਯੁਵਾ ਮਾਮਲਿਆਂ ਤੇ ਖੇਡ ਮੰਤਰਾਲੇ ਦੀ ਯੋਜਨਾ ਤਹਿਤ 28 ਵੇਂ ਉੱਤਰੀ ਜ਼ੋਨ ਅੰਤਰ-ਯੂਨੀਵਰਸਿਟੀ ਜ਼ੋਨਲ ਯੁਵਕ ਮੇਲਾ ‘ਗੁਲਦਸਤਾ’ ਦੀ ਮੇਜ਼ਬਾਨੀ ਕਰਨ ਦਾ ਸਨਮਾਨ ਹਾਸਿਲ ਹੋਇਆ। ਯੂਨੀਵਰਸਿਟੀ ਨੇ ਚਾਰ ਦਿਨਾਂ ਦੀ ਅੰਤਰਰਾਸ਼ਟਰੀ ਕਾਨਫ਼ਰੰਸ ‘Unraveling Mysteries of Brain in Health & Disease’ ਦੀ ਮੇਜ਼ਬਾਨੀ ਕੀਤੀ ਜੋ ਕਿ ਇੰਡੀਅਨ ਅਕੈਡਮੀ ਆਫ਼ ਨਿਊਰੋਸਾਇੰਸਜ਼ ਦੁਆਰਾ ਸਪਾਂਸਰ ਕੀਤੀ ਗਈ।

ਯੂਨੀਵਰਸਿਟੀ ਨੇ ਪ੍ਰੋਗਰੈਸਿਵ ਸਿਵਲ ਸੋਸਾਇਟੀ ਨਾਂ ਦੀ ਸੰਸਥਾ ਦੀ ਸਹਾਇਤਾ ਰਾਹੀਂ ਪੇਂਡੂ ਖੇਤਰ ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਹਾਇਤਾ ਦੇਣ ਲਈ IIT-JEE ਦੇ ਕੌਮੀ ਟੈਸਟਾਂ ਤੋਂ ਜਾਣੂ ਕਰਵਾਇਆ। ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਗਿਆਰਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀ ਬਿਨਾਂ ਇਕ ਪੈਸਾ ਖਰਚਿਆਂ ਇਹ ਸਿਖਲਾਈ ਲੈਂਦੇ ਹਨ। ਸਰਕਾਰ ਇਸ ਸੰਸਥਾ ਨੂੰ ਮਾਲੀ ਸਹਾਇਤਾ ਪ੍ਰਦਾਨ ਕਰਦੀ ਹੈ ਅਤੇ ਹੋਰ ਸਰੋਤ ਇਨ੍ਹਾਂ ਵਿਦਿਆਰਥੀਆਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹਨ।

ਅਸੀਂ ਕੈਂਪਸ ਵਿਚ ਵਿਭਿੰਨ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਬੁਨਿਆਦੀ ਢਾਂਚੇ ਵਿਚ ਨਿਰੰਤਰ ਵਾਧਾ ਕਰ ਰਹੇ ਹਾਂ । ਹਾਕੀ ਦੇ ਲਈ ਇਕ ਨਵਾਂ ਸਿੰਥੈਟਿਕ ਟਰਫ਼ ਵਿਛਾਇਆ ਗਿਆ ਹੈ ਅਤੇ ਹੁਣੇ-ਹੁਣੇ ਹੀ ਅੰਤਰਰਾਸ਼ਟਰੀ ਮਾਪਦੰਡਾਂ ਦੀ ਪੁਸ਼ਟੀ ਕਰਨ ਵਾਲੇ ਇਕ ਨਵੇਂ ਵੈਲੋਡਰੋਮ ਦਾ ਉਦਘਾਟਨ ਪੰਜਾਬ ਦੇ ਉੱਚ ਸਿੱਖਿਆ ਅਤੇ ਭਾਸ਼ਾ ਮੰਤਰੀ ਸਰਦਾਰ ਸਿਕੰਦਰ ਸਿੰਘ ਮਲੂਕਾ ਦੁਆਰਾ ਕੀਤਾ ਗਿਆ ਹੈ। ਅਸੀਂ ਆਪਣੀ ਅਮੀਰ ਸਭਿਆਚਾਰਕ ਵਿਰਾਸਤ ਤੋਂ ਭਲੀਭਾਂਤ ਜਾਣੂ ਹਾਂ ਜਿਹੜੀ ਤੇਜ਼ੀ ਨਾਲ ਗੁਮਨਾਮ ਹੋ ਰਹੀ ਹੈ। ਸਾਡੀ ਅਮੀਰ ਸਭਿਆਚਾਰਕ ਵਿਰਾਸਤ ਦੇ ਪ੍ਰਦਰਸ਼ਨ ਲਈ ਇਕ ਵਿਰਾਸਤੀ ਪਿੰਡ ਦੀ 11 ਏਕੜ ਜ਼ਮੀਨ ਉੱਤੇ ਉਸਾਰੀ ਕੀਤੀ ਜਾ ਰਹੀ ਹੈ। ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਸਾਡੀ ਯੂਨੀਵਰਸਿਟੀ ਉੱਤਰੀ ਭਾਰਤ ਦੀਆਂ ਪ੍ਰਮੁੱਖ ਸੰਸਥਾਵਾਂ ਵਿਚੋਂ ਇਕ ਹੈ। ਸਾਡੇ ਫ਼ੈਕਲਟੀ ਮੈਂਬਰਾਂ ਨੇ ਡੀ.ਓ.ਟੀ. (DOT), ਸੀ.ਐੱਸ.ਆਈ.ਆਰ. (CSIR), ਬੀ.ਏ.ਆਰ.ਸੀ. (BARC) ਵਰਗੀਆਂ ਕਈ ਹੋਰ ਕਰੋੜਾਂ ਰੁਪਏ ਵਾਲੀਆਂ ਉੱਚ ਪੱਧਰੀ ਸੰਸਥਾਵਾਂ ਤੋਂ ਸਥਾਈ ਪ੍ਰਾਜੈਕਟ ਹਾਸਿਲ ਕੀਤੇ ਹਨ। ਹੁਣੇ-ਹੁਣੇ ਹੀ ਕੈਂਪਸ ਵਿਚ ਬੀ.ਏ.ਆਰ.ਸੀ. ਨੇ ਨੋਡਲ ਕੈਲੀਬਰੇਸ਼ਨ ਦੀ ਸਥਾਪਨਾ ਕੀਤੀ ਹੈ। ਇਹ ਪੂਰੇ ਦੇਸ਼ ਵਿਚ ਸਥਾਪਿਤ ਕੀਤੇ ਗਏ ਚਾਰ ਕੇਂਦਰਾਂ ਵਿਚੋਂ ਇਕ ਹੈ। ਯੂਨੀਵਰਸਿਟੀ ਨੇ ਵੱਖ-ਵੱਖ ਸਕੀਮਾਂ ਅਧੀਨ 70 ਕਰੋੜ ਰੁਪਏ ਦੇ ਯੰਤਰ ਖਰੀਦੇ ਹਨ। ਵੱਡੇ ਕਾਰੋਬਾਰਾਂ ਅਤੇ ਬਹੁਰਾਸ਼ਟਰੀ ਕੰਪਨੀਆਂ ਵੱਲੋਂ ਸਾਡੇ ਵਿਦਿਆਰਥੀਆਂ ਦੇ ਰੁਜ਼ਗਾਰ ਦੇ ਮੌਕੇ ਬੇਹੱਦ ਤਸੱਲੀਬਖਸ਼ ਰਹੇ ਹਨ। ਸਾਡੇ ਇੰਜੀਨੀਅਰਿੰਗ ਅਤੇ ਵਣਜ ਵਪਾਰ ਦੇ ਖੇਤਰਾਂ ਦੇ ਵਿਦਿਆਰਥੀ ਭਾਰਤੀ ਅਤੇ ਵਿਦੇਸ਼ੀ ਕੰਪਨੀਆਂ ਦੁਆਰਾ ਨਿਯੁਕਤ ਕੀਤੇ ਜਾਂਦੇ ਹਨ। ਉਹ ਸਾਰੇ ਆਪਣੀ ਮਿਹਨਤ ਅਤੇ ਲਗਨ ਦੁਆਰਾ ਯੂਨੀਵਰਸਿਟੀ ਦੀ ਕ੍ਰੈਡਿਟ ਯੋਗਤਾ ਵਿਚ ਯੋਗਦਾਨ ਪਾ ਰਹੇ ਹਨ। ਇਕੱਲੇ ਪਿਛਲੇ ਸਾਲ ਵਿਚ ਹੀ, ਸਾਡੇ ਇੰਜੀਨੀਅਰਿੰਗ ਦੇ ਲਗਪਗ ਸਾਰੇ ਵਿਦਿਆਰਥੀ ਵੱਖ-ਵੱਖ ਕੰਪਨੀਆਂ ਦੁਆਰਾ ਕੈਂਪਸ ਪਲੇਸਮੈਂਟ ਰਾਹੀਂ ਭਰਤੀ ਕੀਤੇ ਗਏ ਹਨ ।

ਸਫ਼ਲਤਾ ਦਾ ਸਿਹਰਾ ਵਿਦਿਆਰਥੀਆਂ, ਫ਼ੈਕਲਟੀ ਅਤੇ ਪ੍ਰਸ਼ਾਸਨ ਨੂੰ ਜਾਂਦਾ ਹੈ, ਜਿਹਨਾਂ ਨੇ ਬਿਹਤਰ ਪੰਜਾਬ ਅਤੇ ਸੱਭਿਅਕ ਸਮਾਜ ਲਈ ਅਣਥੱਕ ਮਿਹਨਤ ਕੀਤੀ ਹੈ।