ਪ੍ਰੋਫ਼ੈਸਰ(ਡਾ.) ਕਰਨਜੀਤ ਸਿੰਘ ਕਾਹਲੋਂ
ਰਜਿਸਟਰਾਰ
ਰਜਿਸਟਰਾਰ ਦਾ ਸੰਦੇਸ਼
ਮੇਰੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਮੈਂ ਗੁਰੁ ਨਾਨਕ ਦੇਵ ਜੀ ਦੇ ਨਾਮ ਉੱਤੇ ਸਥਾਪਿਤ ਯੂਨੀਵਰਸਿਟੀ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹਾਂ। ਇਸ ਨੇ ਮੈਨੂੰ ਅਜਿਹਾ ਅਦੁੱਤੀ ਮੌਕਾ ਪ੍ਰਦਾਨ ਕੀਤਾ ਹੈ ਕਿ ਮੈਂ ਉਹਨਾ ਲੋਕਾਂ ਦੀਆਂ ਉਮੀਦਾਂ ਉੱਤੇ ਪੂਰਾ ਉਤਰ ਸਕਾਂ ਜੋ ਇਸ ਸੰਸਥਾ ਨਾਲ ਸੰਬੰਧਿਤ ਹਨ। ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪ੍ਰਸ਼ਾਸਨਿਕ ਨਿੰਪੁਨਤਾ ਦੀਆਂ ਪ੍ਰਾਪਤੀਆਂ ਨੂੰ ਸਾਝਿਆਂ ਕਰਦਿਆਂ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸੰਸਥਾ ਨੂੰ ਯੂ. ਜੀ. ਸੀ. (UGC) ਵੱਲੋਂ ਦਿੱਤਾ ਗਿਆ ‘ਯੂਨੀਵਰਸਿਟੀ ਵਿਦ ਪੋਟੈਂਸ਼ੀਅਲ ਆਫ਼ ਐਕਸੀਲੈਂਸ’ ਦਾ ਦਰਜਾ ਇਸਦੀ ਪ੍ਰਸ਼ਾਸਨਿਕ ਨਿੰਪੁਨਤਾ ਵਿਚੋਂ ਝਲਕਦਾ ਹੈ। ਇਸ ਯੂਨੀਵਰਸਿਟੀ ਅਤੇ ਇਸ ਦੁਆਰਾ ਮਾਨਤਾ ਪ੍ਰਾਪਤ ਕਾਲਜਾਂ ਸਮੇਤ ਇਥੇ ਡੇਢ ਲੱਖ ਵਿਦਿਆਰਥੀ ਪੜ੍ਹਦੇ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਗਿਣਤੀ ਪੇਂਡੂ ਖੇਤਰ ਦੇ ਵਿਦਿਆਰਥੀਆਂ ਦੀ ਹੈ। ਮੇਰਾ ਮੁੱਖ ਉਦੇਸ਼ ਯੂਨੀਵਰਸਿਟੀ ਦੇ ਕਾਰਜਾਂ ਵਿਚ ਪਾਰਦਰਸ਼ਤਾ ਲਿਆਉਣੀ ਹੈ। ਖੇਤਰੀ, ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਪਹੁੰਚਣ ਦੀ ਦ੍ਰਿਸ਼ਟੀ ਦੇ ਨਾਲ ਯੂਨੀਵਰਸਿਟੀ ਨੇ ਪ੍ਰਸ਼ਾਸਨਿਕ ਕੁਸ਼ਲਤਾ ਲਈ ਅਤਿ ਆਧੁਨਿਕ ਕੰਪਿਊਟਰ ਤਕਨਾਲੋਜੀ, ਦਾਖ਼ਲਾ ਪ੍ਰੀਖਿਆ ਅਤੇ ਨਤੀਜਿਆਂ ਦੀ ਘੋਸ਼ਣਾ ਕਰਨ ਦੀ ਸ਼ੁਰੂਆਤ ਕੀਤੀ ਹੈ। ਨਤੀਜਿਆਂ ਦੀ ਸਮੇਂ ਸਿਰ ਉਪਲੱਬਧਤਾ ਸਾਡੇ ਸਾਰੇ ਵਿਦਿਆਰਥੀਆਂ ਦੀ ਪਲੇਸਮੈਂਟ ਅਤੇ ਦੇਸ਼ਾਂ/ਵਿਦੇਸ਼ਾਂ ਵਿਚ ਉਚੇਰੀ ਸਿੱਖਿਆ ਲੈਣ ਵਿਚ ਸਹਾਈ ਸਿੱਧ ਹੁੰਦੀ ਹੈ। ਯੂਨੀਵਰਸਿਟੀ ਵੈਬਸਾਈਟ ਨੇ ਸਾਡੀ ਸੰਪਰਕਸ਼ੀਲਤਾ ਨੂੰ ਵਿਸ਼ਵ ਪੱਧਰ ਉੱਤੇ ਵਧਾ ਦਿੱਤਾ ਹੈ ਜਿਸ ਦਾ ਜਵਾਬ ਉਤਸ਼ਾਹਜਨਕ ਰੂਪ ਵਿਚ ਮਿਲਿਆ ਹੈ। ਯੂਨੀਵਰਸਿਟੀ ਦੀ ਪੁਨਰ ਸਿਰਜੀ ਹੋਈ ਵੈਬਸਾਈਟ, ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਗਏ ਵੱਖ-ਵੱਖ ਕੋਰਸਾਂ ਬਾਰੇ ਲੋੜੀਂਦੀ ਜਾਣਕਾਰੀ ਦਰਸਾਉਂਦੀ ਹੈ। ਇਹ ਫੈਕਲਟੀ ਮੈਬਰਾਂ ਦੀ ਮੁਹਾਰਤ ਬਾਰੇ ਜਾਣਕਾਰੀ ਅਤੇ ਯੂਨੀਵਰਸਿਟੀ ਦੀਆਂ ਹੋਰ ਮੁੱਖ ਪ੍ਰਾਪਤੀਆਂ ਚੰਗੇ ਢੰਗ ਨਾਲ ਸੂਚੀਬੱਧ ਕਰਦੀ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਸੇਵਾ ਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਅਤੇ ਵਿਦਿਆਰਥੀਆਂ ਨੂੰ ਫੀਸਾਂ ਜਮਾਂ ਕਰਵਾਉਣ ਦੀ ਸਹੂਲਤ ਆਨਲਾਈਨ ਪ੍ਰਦਾਨ ਕੀਤੀ ਹੈ। ਵਿਦਿਆਰਥੀਆਂ ਦੀ ਸਹੂਲਤ ਲਈ ਸਾਰਾ ਸਿਲੇਬਸ ਅਤੇ ਫਾਰਮ ਆਨਲਾਈਨ ਅਪਲੋਡ ਕੀਤੇ ਗਏ ਹਨ। ਯੂਨੀਵਰਸਿਟੀ ਨੇ ਕੈਂਪਸ ਅਤੇ ਆਪਣੇ ਖੇਤਰੀ ਕੇਂਦਰਾਂ ਦੇ ਅੰਦਰ ਸੀ. ਜੀ. ਪੀ. ਏ. (CGPA) ਪ੍ਰਣਾਲੀ ਲਾਗੂ ਕੀਤੀ ਹੈ। ਇਸ ਦੇ ਨਤੀਜੇ ਪਾਰਦਰਸ਼ੀ ਅਤੇ ਨਿਯਮਾਂ ਅਨੁਸਾਰ ਘੋਸ਼ਿਤ ਕੀਤੇ ਜਾਂਦੇ ਹਨ। ਯੂਨੀਵਰਸਿਟੀ ਦਾ ਸਾਰਾ ਟੀਚਿੰਗ, ਨਾਨ ਟੀਚਿੰਗ ਅਤੇ ਬਾਕੀ ਸਟਾਫ਼ ਵਿਦਿਆਰਥੀਆਂ ਨੂੰ ਸਮੇਂ ਅਨੁਸਾਰ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਮਿਹਨਤ ਨਾਲ ਯਤਨਸ਼ੀਲ ਰਹਿੰਦਾ ਹੈ।
ਪ੍ਰਸ਼ਾਸਨ ਦੇ ਸੁਚਾਰੂ ਅਤੇ ਸਫਲ ਕੰਮ ਸਾਡੇ ਮਾਣਯੋਗ ਵਾਈਸ ਚਾਂਸਲਰ ਦੀ ਅਗਵਾਈ ਅਤੇ ਪ੍ਰੇਰਣਾ ਨਾਲ ਚਲ ਰਹੇ ਹਨ। ਸਮੱਚੇ ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਇਸਦੇ ਕਰਮਚਾਰੀਆਂ ਦੀ ਸਰਗਰਮ ਭਾਗੀਦਾਰੀ ਨਾਲ ਯੂਨੀਵਰਸਿਟੀ ਅਸਲ ਅਰਥਾਂ ਵਿਚ ਉਤਮਤਾ ਅਤੇ ਨਿੰਪੁਨਤਾ ਵੱਲ ਵਧ ਰਹੀ ਹੈ।
ਪ੍ਰੋਫ਼ੈਸਰ(ਡਾ.) ਕਰਨਜੀਤ ਸਿੰਘ ਕਾਹਲੋਂ
ਰਜਿਸਟਰਾਰ